Punjabi Proverbs | ਪੰਜਾਬੀ ਅਖਾਣ – ੳ ਤੋਂ ਹ

19 Shares

In this post, you’ll read Punjabi Proverbs | ਪੰਜਾਬੀ ਅਖਾਣ – ੳ ਤੋਂ ਹ with their meanings.

ਅਖਾਣ: ਕਿਸੇ ਅਜਿਹੀ ਆਖੀ ਹੋਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮੋਇਆ ਹੋਵੇ । ਅਖਾਣਾਂ ਦੇ ਸ਼ਬਦਾਂ ਵਿੱਚ ਸਦੀਵੀ ਸੱਚ ਹੁੰਦਾ ਹੈ ਜਿਸ ਨੂੰ ਥੋੜ੍ਹੀ ਕੀਤੇ ਝੁਠਲਾਇਆ ਨਹੀਂ ਜਾ ਸਕਦਾ । ਇਸ ਲਈ ਅਖਾਣ ਕਾਫ਼ੀ ਹੱਦ ਤੱਕ ਸਰਬ ਪ੍ਰਵਾਨਿਤ ਹੁੰਦੇ ਹਨ ।

ਵਿਦਵਾਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਕਿਸੇ ਵੀ ਭਾਸ਼ਾ ਨੂੰ ਚੁਸਤ ਅਤੇ ਟਕਸਾਲੀ (ਸਿੱਕੇ ਬੰਦ) ਬਣਾਉਣ ਵਿੱਚ ਮੁਹਾਵਰੇ ਅਤੇ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ । ਕਿਉਂਕਿ ਅਖਾਣ ਰੂਪਕ ਪੱਖ ਤੋਂ (ਆਕਾਰ ਵਿੱਚ) ਛੋਟੇ, ਭਾਵ ਵਿੱਚ ਤਿੱਖੇ ਅਤੇ ਸ਼ੈਲੀ ਪੱਖੋਂ ਗੁੰਦਵੀਂ ਵਿਧੀ ਵਾਲੇ ਹੁੰਦੇ ਹਨ । ਇਹਨਾਂ ਦੀ ਘਾੜਤ ਬੜੀ ਜੋਖਵੀਂ (ਸੰਤੁਲਿਤ) ਅਤੇ ਚਾਲ ਲੈਅ ਭਰਪੂਰ ਹੁੰਦੀ ਹੈ । ਇਸੇ ਲਈ ਇਹਨਾਂ ਦਾ ਰੂਪ ਕਾਵਿਕ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਗੁਣਾਂ ਵਾਲਾ ਹੁੰਦਾ ਹੈ

Punjabi Proverbs | ਪੰਜਾਬੀ ਅਖਾਣ - ੳ ਤੋਂ ਹ

Read More : Punjabi Proverbs | ਪੰਜਾਬੀ ਅਖਾਣ – ਕ ਤੋਂ ਢ


Punjabi Proverbs | ਪੰਜਾਬੀ ਅਖਾਣ – ੳ ਤੋਂ ਹ


1.ਉਸ ਪੇਕੇ ਕੀ ਜਾਣਾ ਜਿਥੇ ਸਿਰ ਪਾਣੀ ਨਾ ਪਾਣਾ : ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੈ।
2.ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀ ਖਲੀ: ਹਰ ਥਾਂ ਖੜਪੈਂਚ/ਚੌਧਰੀ ਬਣਿਆ ਰਹਿਣ ਵਾਲਾ ਆਦਮੀ।
3.ਉਹ ਜ਼ਮੀਨ ਰਾਣੀ ਜਿਸ ਦੇ ਸਿਰ ‘ਤੇ ਪਾਣੀ: ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਹ ਉਪਜਾਊ ਹੁੰਦੀ ਹੈ ।
4.ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ: ਨਕਾਰੇ ਆਦਮੀ ਤੋਂ ਵੱਡੇ ਕਮਮ ਦੀ ਆਸ ਨਹੀਂ ਰੱਖੀਦੀ।
5.ਉਹ ਨਾ ਭੁੱਲਾ ਜਾਣੀਏ, ਜੋ ਮੁੜ ਘਰ ਆਵੇ: ਜਦ ਕੋਈ ਗਲਤੀ ਕਰ ਕੇ ਛੇਤੀ ਹੀ ਪਸ਼ਤਾਚਾਪ ਕਰ ਲੈਵੇ ਤੇ ਸੰਭਾਲ ਜਾਵੇ, ਉੱਦੋ ਕਹਿੰਦੇ ਹਨ।
6.ਉਹ ਨਾਰ ਸੁਲੱਖਣੀ, ਜਿਸ ਪਹਿਲੇ ਜਾਈ ਲੱਛਮੀ: ਜਦੋਂ ਕਿਸੇ ਦੇ ਘਰ ਪਹਿਲੀ ਜੰਮੀ ਧੀ ਦੀ ਖੁਸੀ ਮਨਾਉਣ ਦੀ ਗੱਲ ਕੀਤੀ ਜਾਵੇ।
7.ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ: ਜਦ ਕੋਈ ਬੰਦਾ ਕਿਸੇ ਉੱਪਰ ਵੱਡੀਆਂ ਆਸਾਂ ਬੰਨ੍ਹ ਬੈਠਾ ਹੋਵੇ, ਪਰ ਉਹ ਅੱਗੋਂ ਉਲਟਾ ਨੁਕਸਾਨ ਕਰਨ ਤੇ ਤੁਲਿਆ ਹੋਵੇ।
8.ਉਹ ਨਾਲ ਨਾ ਖੜੇ, ਉਹ ਘੋੜੀ ਤੇ ਚੜ੍ਹੇ: ਬਦੇ ਬਦੀ ਕਿਸੇ ਦਾ ਸੰਗੀ ਜਾਂ ਭਾਈਵਾਲ ਬਣਨ ਦੇ ਜਤਨ ਕਰਨ ਵਾਲੇ ਲਈ ਵਰਤਦੇ ਹਨ।
9.ਉਹ ਮਾਂ ਮਰ ਗਈ , ਜਿਹੜੀ ਦਹੀਂ-ਮੱਖਣ ਨਾਲ ਟੁੱਕ ਦਿੰਦੀ ਸੀ: ਬੀਤੇ ਸਮੇਂ ਦੇ ਸੁੱਖਾਂ ਦੀ ਆਸ ਕਰਨ ਵਾਲੇ ਵਿਆਕਤੀ ਦੇ ਲਾਗੂ ਹੁੰਦਾ ਹੈ।
10.ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ : ਜੇਕਰ ਘਰ ਦੇ ਵੱਡ-ਵਡੇਰੇ ਹੀ ਨਿਕੰਮੇ ਹੋਣ ਤਾਂ ਉਨ੍ਹਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰਦਾ ਹੀ ਹੁੰਦਾ ਹੈ।
11.ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ: ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ ਆਦਮੀ ਮਾਲਿਕ ਬਣ ਬਹੇ।
12.ਉਜੜੇ ਪਿੰਡ ਭੜੋਲਾ ਮਹਿਲ: ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ, ਤਾਂ ਮਾੜੀ ਮੋਟੀ ਨਿਕੰਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ।
13.ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ : ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ।
14.ਉਠਿਆ ਜਾਵੇ ਨਾ, ਫਿੱਟੇ ਮੂੰਹ ਗੋਡਿਆਂ ਦੇ: ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ।
15.ਉਤਾਵਲਾ ਸੋ ਬਾਵਲਾ: ਕਾਹਲਾ ਪੈਣ ਨਾਲ, ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ।
16.ਉਲਟਾ ਚੋਰ ਕੋਤਵਾਲ ਨੂੰ ਡਾਂਟੇ : ਕਸੂਰਵਾਰ ਦਾ ਬੇਕਸੂਰ ਨੂੰ ਝਿੜਕਣਾ।
17.ਉਲਟੀ ਗੰਗਾ ਪਹੋਏ ਨੂੰ: ਕਿਸੇ ਦਾ ਅਸੂਲ ਜਾਂ ਰਹੁ-ਰੀਤ ਦੇ ਉਲਟ ਗੱਲ ਕਰਨਾ।
18.ਉਲਟੀ ਵਾੜ ਖੇਤ ਨੂੰ ਖਾਏ: ਜਦ ਰਖਵਾਲੇ ਹੀ ਚੀਜ਼ ਨੂੰ ਨੁਕਸਾਨ ਪੁਚਾਉਣ।
19.ਉਲਟੇ ਬਾਂਸ ਬਰੇਲੀ ਨੂੰ : ਕਿਸੇ ਦਾ ਵਿਵਹਾਰ ਜਾਂ ਰਹੁ-ਰੀਤ ਦੇ ਉਲਟ ਗੱਲ ਕਰਨਾ।
20.ਉੱਠ ਬੁੱਢਾ ਹੋ ਗਿਆ ਪਰ ਮੂਤਰਨਾ ਨਾ ਆਇਆ: ਜਦ ਕੋਈ ਵਡੇਰੀ ਉਮਰ ਦਾ ਪੁਰਸ਼ ਜਾਂ ਇਸਤਰੀ ਕੋਈ ਕੁਚੱਜਾ ਕੰਮ ਕਰੇ।
21.ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ: ਉਹ ਵਿਅਕਤੀ ਹੀ ਚੰਗਾ ਹੈ ਜਿਹੜਾ ਤੁਰਨ ਫਿਰਨ ਤੇ ਕੰਮ ਕਾਰ ਕਰਨ ਦੇ ਯੋਗ ਹੋਵੇ।
22.ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ ?: ਜਦ ਕੋਈ ਮੁਸ਼ਕਿਲ ਜੁੰਮੇਵਾਰੀ ਚੁੱਕ ਲਈ ਜਾਵੇ ਤਾਂ ਉਹਦੀਆਂ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ।
23.ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ: ਜੇਕਰ ਕੋਈ ਹੰਕਾਰ ਵੱਸ ਹੋ ਕੇ ਕੋਈ ਗੱਲ ਕਰਦਾ ਹੈ, ਤਾਂ ਉਸ ਨੂੰ ਹੰਕਾਰ ਤੋਂ ਰੋਕਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
24.ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ: ਸ਼ਕਲ ਦਾ ਚੰਗਾ ਪਰ ਗੁਣਾਂ ਕਰਕੇ ਮਾੜਾ ।
25.ਉੱਚੀ ਦੁਕਾਨ ਫਿੱਕਾ ਪਕਵਾਨ: ਕਿਸੇ ਦਾ ਨਾਂ ਬਹੁਤਾ ਹੋਣਾ, ਪਰ ਵਾਹ ਪੈਣ ਤੇ ਉਸ ਦਾ ਮਾੜਾ ਸਿੱਧ ਹੋਣਾ।
26.ਉੱਤੋਂ ਝੜਿਆ ਸੰਭਲੇ ਪਰ ਨਜ਼ਰੋਂ ਝੜਿਆ ਨਾ ਸੰਭਲੇ: ਕਿਸੇ ਵੀ ਕਾਰੋਬਾਰ ਵਿਚ ਅਸਫ਼ਲ ਹੋਇਆ ਬੰਦਾ ਮੁੜ ਪੈਰਾਂ ‘ਤੇ ਖੜ੍ਹਾ ਹੋ ਸਕਦਾ ਹੈ ਪਰ ਕਿਸੇ ਦੀਆਂ ਨਜ਼ਰਾਂ ਵਿਚ ਡਿਗਿਆ ਹੋਇਆ ਬੰਦਾ ਮੁੜਕੇ ਆਪਣਾ ਸਤਿਕਾਰ ਨਹੀਂ ਪਾ ਸਕਦਾ।
27.ਉੱਤੋਂ ਬੀਬੀਆਂ ਦਾੜ੍ਹੀਆਂ ਵਿਚੋਂ ਕਾਲੇ ਕਾਂ: ਜਦੋਂ ਕੋਈ ਬੰਦਾ ਵੇਖਣ ਨੂੰ ਬੜਾ ਸਾਊ ਤੇ ਸ਼ਰੀਫ ਹੋਵੇ, ਪਰ ਐਬ ਕਰਦਾ ਫੜਿਆ ਜਾਵੇ, ਤਾਂ ਵਰਤਦੇ ਹਨ।
28.ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ – ਜਿਵੇਂ ਪੱਖਾ ਝੱਲ ਕੇ ਹਵਾ ਦਾ ਸੁਖ ਲੈ ਲਈਦਾ ਹੈ, ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ।
29.ਉਂਗਲੀ ਫੜ ਤੇ ਪਹੁੰਚਾ ਫੜਾ: ਕਿਸੇ ਦੀ ਮਦਦ ਕਰੀਏ, ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ।
30.ਊਠ ਅੜਾਉਂਦੇ ਹੀ ਲੱਦੀਦੇ ਹਨ: ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ।
31.ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ ?: ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?
32.ਊਠ ਤੇ ਚੜ੍ਹੀ ਨੂੰ ਦੋ-ਦੋ ਦਿਸਦੇ ਹਨ: ਜਿਹੜਾ ਆਪ ਸੌਖਾ ਤੇ ਸੁਖੀ ਹੋਵੇ, ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ।
33.ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ? ਬਹੁਤੇ ਕੰਮ ਵਿੱਚੋਂ ਥੋੜ੍ਹਾ ਜਿਹਾ ਕੰਮ ਘਟਾ ਦੇਣ ਨਾਲ ਕੋਈ ਸੌਖਾ ਨਹੀਂ ਹੋ ਜਾਂਦਾ।
34.ਊਠ ਦੇ ਗਲ ਟੱਲੀ: ਜਦੋਂ ਕੋਈ ਨਿੱਕੀ ਜਿਹੀ ਕੁੜੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ, ਤਾਂ ਕਹਿੰਦੇ ਹਨ।
35.ਊਠ ਨਾ ਕੁੱਦੇ ਬੋਰੇ ਕੁੱਦੇ: ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ, ਪਰ ਕੋਈ ਅਣਹੱਕਾ ਰੌਲਾ ਪਾਉਣ ਲੱਗ ਪਵੇ ।
36.ਊਠ ਨਾ ਕੁੱਦੇ ਬੋਰੇ ਕੁੱਦੇ: ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ, ਪਰ ਕੋਈ ਅਣਹੱਕਾ ਰੌਲਾ ਪਾਉਣ ਲੱਗ ਪਵੇ ।
37.ਓੜਕ ਬੱਚਾ ਮੂਲਿਆ, ਤੂੰ ਹੱਟੀ ਬਹਿਣਾ: ਜਦੋਂ ਕੋਈ ਕਦੇ ਕਿਸੇ ਕੰਮ ਨੂੰ ਹੱਥ ਪਾਵੇ ਤੇ ਕਦੇ ਕਿਸੇ ਨੂੰ, ਪਰ ਸਫਲ ਕਿਸੇ ਵਿਚ ਵੀ ਨਾ ਹੋਵੇ, ਤਾਂ ਅੰਤ ਨੂੰ ਹਾਰ ਕੇ ਪਿਤਾ-ਪੁਰਖੀ ਕੰਮ ਹੀ ਕਰਨਾ ਪੈਂਦਾ ਹੈ।

ਪੰਜਾਬੀ ਅਖਾਣ –

1.ਅਸਮਾਨ ਤੋਂ ਡਿਗੀ ਖਜੂਰ ‘ਤੇ ਅਟਕੀ: ਇਕ ਮੁਸੀਬਤ ਤੋਂ ਛੁਟਕਾਰਾ ਪਾਉਂਦਾ ਹੋਇਆ ਵਿਆਕਤੀ ਕਿਸੇ ਹੋਰ ਮੁਸੀਬਤ ਵਿਚ ਫਸ ਜਾਵੇ।
2.ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ: ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਸ਼ੈਆਂ ਦੀ ਪਰਵਾਹ ਨਾ ਕਰਨੀ।
3.ਅਕਲ ਦਾ ਅੰਨ੍ਹਾਂ, ਪਰ ਗੰਢ ਦਾ ਪੂਰਾ: ਜਿਹੜਾ ਧਨਾਢ ਹੋਵੇ ਤੇ ਨਾਲ ਹੀ ਮੂਰਖ ਹੋਵੇ, ਉਸ ਬਾਰੇ ਵਰਤਦੇ ਹਨ।
4.ਅਕਲ ਬਿਨਾ ਖ਼ੂਹ ਖਾਲੀ: ਜੇ ਕਿਸੇ ਮਨੁੱਖ ਨੂੰ ਅਕਲ ਨਹੀਂ ਹੈ ਤਾਂ ਉਸ ਦੇ ਸਾਰੇ ਗੁਣ ਵਿਅਰਥ ਜਾਂਦੇ ਹਨ।
5.ਅਕਲ ਵਾਲੇ ਨਾਲ ਭੀਖ ਮੰਗੀ ਚੰਗੀ, ਪਰ ਮੂਰਖ ਨਾਲ ਰਾਜ ਭੋਗਿਆ ਮੰਦਾ: ਜਦੋਂ ਇਹ ਦੱਸਣਾ ਹੋਵੇ ਕਿ ਮੂਰਖ ਦੀ ਸੰਗਤ ਦੇ ਸੁਖ ਨਾਲੋਂ ਸਿਆਣੇ ਨਾਲ ਤੰਗੀ ਕੱਟਣੀ ਚੰਗੀ ਹੁੰਦੀ ਹੈ।
6.ਅਜੇ ਦਿਲੀ ਦੂਰ ਏ: ਜਦੋਂ ਕੋਈ ਵੀ ਕੰਮ ਕਾਫ਼ੀ ਮਾਤਰਾ ਵਿਚ ਕਰਨ ਵਾਲਾ ਹੋਵੇ।
7.ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਨੇ ਪੁੱਛੀ, ਗ਼ਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾਂ: ਅਮੀਰ ਦੇ ਥੋੜ੍ਹੇ ਨੁਕਸਾਨ ਨਾਲ ਵੀ ਲੋਕ ਹਮਦਰਦੀ ਕਰਦੇ ਹਨ ਪਰ ਗ਼ਰੀਬ ਦੇ ਬਹੁਤੇ ਨੁਕਸਾਨ ਨੂੰ ਵੀ ਕੋਈ ਨਹੀਂ ਗੌਲਦਾ ।
8.ਅਮੀਰ ਦੇ ਸਾਲੇ ਬਹੁਤ ਪਰ ਗ਼ਰੀਬ ਦਾ ਭਣਵਈਆ ਕੋਈ ਨਹੀਂ : ਗ਼ਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ।
9.ਅੱਖ ਅੱਡੀ ਹੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ: ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਣਾ, ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ।
10.ਅੱਖਰ ਇਕ ਨਾ ਜਾਣਦਾ ਨਾਂ ਇਲਮਦੀਨ: ਜਦੋਂ ਕਿਸੇ ਬੰਦੇ ਦਾ ਨਾਂ ਤੇ ਮਸ਼ਹੂਰੀ ਤਾਂ ਬਹੁਤ ਹੋਵੇ ਪਰ ਅਸਲ ਵਿਚ ਤੇ ਕਰਤੂਤਾਂ ਵਿਚ ਮਾੜਾ ਹੋਵੇ।
11.ਅੱਖੀਉਂ ਦੂਰ ਤਾਂ ਦਿਲੋਂ ਦੂਰ: ਜਦੋਂ ਕਿਸੇ ਦੂਰ ਵਸਦੇ ਵਿਅਕਤੀ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਨਾ ਹੋਣ ਦਾ ਸੰਕੇਤ ਦੇਣਾ ਹੋਵੇ।
12.ਅੱਖੀਂ ਡਿੱਠਾ ਭਾਵੇ ਨਾ, ਕੁੱਛੜ ਬਹੇ ਨਿਲੱਜ: ਜੋ ਵੇਖਣ ਨੂੰ ਵੀ ਚੰਗਾ ਨਹੀਂ ਲਗਦਾ, ਪਰ ਜੇ ਉਹ ਢੀਠ ਹੋ ਕੇ ਨੇੜੇ ਢੁਕ ਢੁਕ ਕੇ ਬੈਠੇ ਤਾਂ ਪਿਆਰ ਕਰਨਾ ਪੈਂਦਾ ਹੈ।
13.ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ: ਜਾਣ ਬੁੱਝ ਕੇ ਨੁਕਸਾਨ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ।
14.ਅੱਖੋਂ ਦਿਸੇ ਨਾ, ਨਾਂ ਨੂਰ ਭਰੀ: ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
15.ਅੱਖੋਂ ਅੰਨ੍ਹੀ, ਨਾਂ ਨੂਰ ਕੌਰ: ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
16.ਅੱਖੋਂ ਅੰਨ੍ਹੀ, ਨਾਂ ਚਰਾਗੋ: ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
17.ਅੱਗ ਖਾਵੇ, ਅੰਗਿਆਰ ਹੱਗੇ: ਜਿਹੋ ਜਿਹਾ ਕੰਮ ਕੋਈ ਕਰੇਗਾ, ਉਹੋ ਜਿਹਾ ਉਹਦਾ ਸਿੱਟਾ ਨਿਕਲੇਗਾ।
18.ਅੱਗ ਲਗੇ ਤੋਂ ਖੂਹ ਪੁੱਟਣਾ: ਜਦੋਂ ਐਨ ਲੋੜ ਵੇਲੇ ਚੀਜ਼ ਲਭਣੀ ਪਵੇ।
19.ਅੱਗ ਲੈਣ ਆਈ ਘਰ ਵਾਲੀ ਬਣ ਬੈਠੀ: ਕਿਸੇ ਦਾ ਕਿਸੇ ਹੋਰ ਦੀ ਸ਼ੈ ਉਪਰ ਬਦੋ-ਬਦੀ ਕਬਜ਼ਾ ਕਰ ਬਹਿਣਾ।
20.ਅੱਗਾ ਦੌੜ ਪਿੱਛਾ ਚੌੜ: ਕਈ ਵਾਰ ਛੇਤੀ ਕੰਮ ਮੁਕਾਉਣ ਲਗਿਆਂ ਕੋਈ ਦੂਜਾ ਕੰਮ ਵਿਗੜ ਜਾਂਦਾ ਹੈ ।
21.ਅੱਗੇ ਖ਼ੂਹ ਤੇ ਪਿੱਛੇ ਖਾਈ: ਜਦੋਂ ਕੋਈ ਵਿਅਕਤੀ ਕਿਸੇ ਮੁਸੀਬਤ ਵਿਚ ਹੋਵੇ ਜੇ ਨਿਕਲਣਾ ਵੀ ਚਾਹੇ ਤਾਂ ਫਿਰ ਵੀ ਮੁਸੀਬਤ ਹੀ ਨਜ਼ਰ ਆਵੇ।
22.ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ: ਮਿੰਨਤ ਕਰਨ ਤੇ ਬਹਾਦੁਰ ਬਖ਼ਸ਼ ਦਿੰਦੇ ਹਨ ।
23.ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ : ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ, ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।
24.ਅੱਡ ਖਾਏ ਸੋ ਡੱਡ (ਹੱਡ) ਖਾਏ, ਵੰਡ ਖਾਏ ਸੋ ਖੰਡ ਖਾਏ: ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦੀ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼।
25.ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ: ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰਦਾ ਹੈ ।
26.ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ: ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋੜ ਨਹੀਂ।
27.ਅੰਨ੍ਹਾ ਅੰਨ੍ਹੇ ਨੂੰ ਕੀ ਰਾਹ ਦਸੇਗਾ: ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਵਾਈ ਕਰ ਸਕਦਾ ਹੈ।
28.ਅੰਨ੍ਹਾ ਕੁੱਤਾ ਹਰਨਾਂ ਦਾ ਸ਼ਿਕਾਰੀ: ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।
29.ਅੰਨ੍ਹਾ ਕੁੱਤਾ ਵਾ ਨੂੰ ਭੌਂਕੇ: ਕਿਸੇ ਗੱਲ ਦਾ ਪਤਾ, ਥਹੁ ਨਾ, ਪਰ ਐਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ।
30.ਅੰਨ੍ਹਾ ਕੀ ਭਾਲੇ ਦੋ ਅੱਖਾਂ: ਕਿਸੇ ਵਿਅਕਤੀ ਨੂੰ ਜੇ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਵੇ ਤਾਂ ਵਰਤਦੇ ਹਨ।
31.ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ: ਹਮਦਰਦੀ ਜਾਂ ਮੱਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ, ਜਿਸ ਉੱਤੇ ਕੋਈ ਅਸਰ ਨਾ ਹੋਵੇ।
32.ਅੰਨ੍ਹੇ ਮਾਰਿਆ ਅੰਨ੍ਹੀ ਨੂੰ ਘਸੁੰਨ ਵੱਜਾ ਥੰਮ੍ਹੀ ਨੂੰ: ਜੇਕਰ ਨਾਤਜ਼ਰਬੇਕਾਰ ਬੰਦਾ ਕੰਮ ਕਰੇ ਤਾਂ ਨੁਕਸਾਨ ਹੋਣਾ ਸੰਭਵ ਹੈ।
33.ਅੰਨ੍ਹਾ ਵੰਡੇ ਸ਼ੀਰਨੀਂ, ਮੁੜ ਮੁੜ ਆਪਣਿਆਂ ਨੂੰ: ਆਪਣੇ ਸਕਿਆਂ ਸਹੋਦਰਿਆਂ ਨੂੰ ਹੀ ਘੜੀ ਮੁੜੀ ਲਾਭ ਪਹੁੰਚਾਈ ਜਾਣਾ ਤੇ ਹੋਰਨਾਂ ਵੱਲ ਧਿਆਨ ਹੀ ਨਾ ਕਰਨਾ।
34.ਅੰਨ੍ਹਿਆਂ ‘ਚ ਕਾਣਾ ਰਾਜਾ: ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਵੀ ਕਦਰ ਪੈ ਜਾਂਦੀ ਹੈ ।
35.ਅੰਨ੍ਹੀ ਅੰਨ੍ਹਾ ਰਲਿਆ, ਤਾਂ ਝੁੱਗਾ ਗਲਿਆ: ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈੜੇ ਜਾਂ ਬੇਸਮਝ ਹੋਣ, ਤਾਂ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ।
36.ਅੰਨ੍ਹੀ ਕੁਕੜੀ ਖਸ-ਖਸ ਦਾ ਚੋਗਾ: ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ ।
37.ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ : ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਪ ਦਿੱਤਾ ਜਾਵੇ।
38.ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌ: ਕਿਸੇ ਅਜੇਹੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਫੋਲਣੇ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ, ਜਾਂ ਅਜੇਹੇ ਬੰਦੇ ਨੂੰ ਮੱਤ ਦੇਣਾ ਜਿਹੜਾ ਕਿਸੇ ਦੀ ਦਿੱਤੀ ਮੱਤ ਲੈਣ ਨੂੰ ਤਿਆਰ ਹੀ ਨਾ ਹੋਵੇ ।
39.ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਲਹਿੰਦੀ: ਜਦ ਕੋਈ ਚਾਹਵਾਨ ਤੇ ਲੋੜਵੰਦ ਹੋਵੇ ਕਿਸੇ ਚੰਗੀ ਚੋਖੀ ਵਧੀਆ ਸ਼ੈ ਦਾ, ਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਤੇ ਨਿਕੰਮੀ ਸ਼ੈ ਦੇ ਕੇ ਗਲੋਂ ਲਾਹੁਣ ਦਾ ਜਤਨ ਕੀਤਾ ਜਾਵੇ ।
40.ਅੰਮਾਂ (ਮਾਂ) ਨਾਲੋਂ ਹੇਜਲੀ, ਸੋ ਫੱਫੇ ਕੁੱਟਣ: ਜਦੋਂ ਕੋਈ ਹੋਰ ਬੰਦਾ ਕਿਸੇ ਦੇ ਸਕਿਆਂ ਨਾਲੋਂ ਵਧੇਰੇ ਹਮਦਰਦ ਬਣਨ ਦਾ ਦਾਅਵਾ ਕਰੇ ।
41.ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ : ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ‘ਤੇ ਕੋਈ ਵਸਤੂ ਖਤਮ ਹੋ ਜਾਵੇ।
42.ਆਸਾ ਜੀਵੇ, ਨਿਰਾਸਾ ਮਰੇ: ਦੁਨੀਆਂ ਆਸ ਦੇ ਸਹਾਰੇ ਹੀ ਚਲ ਰਹੀ ਹੈ।
43.ਆਹ ਮੂੰਹ ਤੇ ਮਸਰਾਂ ਦੀ ਦਾਲ: ਜਦੋਂ ਦੱਸਣਾ ਹੋਵੇ ਕਿ ਕੋਈ ਬੰਦਾ ਕਿਸੇ ਖ਼ਾਸ ਚੀਜ਼ ਦੇ ਯੋਗ ਨਹੀਂ ।
44.ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ: ਜਦੋਂ ਕਿਸੇ ਨੂੰ ਕੋਈ ਗੱਲ ਅਸਿੱਧੇ ਰੂਪ ‘ਚ ਕਹੀ ਜਾਵੇ।
45.ਆਟਾ ਗੁੰਨ੍ਹਦੀ ਹਿਲਦੀ ਕਿਉਂ ਏ: ਜਦੋਂ ਕੋਈ ਆਨੇ ਬਹਾਨੇ ਕਿਸੇ ਦੇ ਨੁਕਸ ਕੱਢੇ ਤਾਂ ਇਹ ਅਖਾਣ ਵਰਤਿਆ ਜਾਦਾ ਹੈ।
46.ਆਪ ਕਾਜ, ਮਹਾਂ ਕਾਜ: ਆਪਣਾ ਕੰਮ ਆਪ ਕੀਤਿਆਂ ਹੀ ਸਫਲਤਾ ਮਿਲਦੀ ਹੈ ।
47.ਆਪ ਕੁਚੱਜੀ ਵਿਹੜੇ ਨੂੰ ਦੋਸ਼: ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ।
48.ਆਪ ਤਾਂ ਕਿਸੇ ਜਿਹੀ ਨਾ, ਨੱਕ ਚਾੜ੍ਹਨੋ ਰਹੀ ਨਾ: ਆਪ ਤਾਂ ਭੈੜੇ ਤੇ ਕੋਝੇ ਹੋਣਾ, ਪਰ ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ।
48.ਆਪ ਨਾ ਜੋਗੀ, ਗੁਆਂਢ ਵਲਾਵੇ: ਹੋਰਨਾਂ ਨੂੰ ਸਹਾਇਤਾ ਦੇ ਲਾਰੇ ਲਾਉਣੇ ਪਰ ਹੋਣਾ ਆਪਣਾ ਕੰਮ ਕਰਨਾ ਜੋਗੇ ਵੀ ਨਾਂ।
49.ਆਪ ਨਾ ਵੰਝੇ ਸਾਹੁਰੇ, ਹੋਰੀਂ (ਲੋਕਾਂ) ਮੱਤੀਂ ਦੇ: ਆਪ ਕੁਝ ਕਰਨਾ ਨਾ, ਪਰ ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਇੰਜ ਕਰੋ ਤੇ ਉਂਜ ਕਰੋ।
50.ਆਪ ਬੁੱਝੇ ਬੱਤੀ ਸੁਲੱਖਣਾ, ਦਿੱਤੀ ਲਵੇ ਤਾਂ ਤੇਤੀ ਸੁਲੱਖਣਾ: ਜਿਹੜਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਬੜਾ ਚੰਗਾ ਹੁੰਦਾ ਹੈ ਪਰ ਜਿਹੜਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ, ਉਹ ਹੋਰ ਵੀ ਵਧੇਰੇ ਚੰਗਾ ਹੁੰਦਾ ਹੈ।
51.ਆਪ ਬੀਬੀ ਕੋਕਾਂ, ਮੱਤੀ ਦੇਵੇ ਲੋਕਾਂ ਜਾਂ ਆਪ ਨਾ ਵੱਸੀ ਸਹੁਰੇ, ਲੋਕਾ ਮੱਤੀ ਦੇ: ਜਦੋਂ ਕੋਈ ਕਿਸੇ ਨੂੰ ਚੰਗਾ ਬਣਨ ਦੇ ਉਪਦੇਸ ਦੇਵੇ, ਪਰ ਆਪ ਉਸ ਦੇ ਉਲਟ ਕੰਮ ਕਰੇ।
52.ਆਪ ਭਲਾ ਤਾਂ ਜਗ ਭਲਾ: ਜੇ ਕੋਈ ਵਿਅਕਤੀ ਆਪ ਚੰਗਾ ਹੋਵੇ ਤਾਂ ਉਸ ਨੂੰ ਸਾਰੀ ਦੁਨੀਆਂ ਚੰਗੀ ਨਜ਼ਰ ਆਉਂਦੀ ਹੈ।
53.ਆਪ ਮਰੋ ਧਰਮ ਕਰੋ: ਜਦੋਂ ਆਪਣੇ ਕੋਲ ਕੁਝ ਨਹੀਂ ਤੇ ਦੂਜੇ ਨੂੰ ਕੀ ਦੇ ਸਕਦੇ ਹਾਂ।
54.ਆਪ ਮੋਏ ਜਗ ਪਰਲੋ: ਜਾਨ ਨਾਲ ਹੀ ਜਹਾਨ ਹੈ ।
55.ਆਪ ਵਲੱਲੀ ਵਿਹੜੇ ਨੂੰ ਦੋਸ਼: ਕਿਸੇ ਮਨੁੱਖ ਨੂੰ ਕੰਮ ਕਰਨ ਦਾ ਚੱਜ ਨਾ ਹੋਵੇ ਤੇ ਉਹ ਆਪਣੇ ਦੋਸ਼ ਕਿਸੇ ਹੋਰ ਤੇ ਮੜ੍ਹ ਦੇਵੇ
56.ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ (ਗੁਰੂ ਨਾਨਕ ਦੇਵ ਜੀ): ਆਪਣਾ ਕੰਮ ਆਪ ਕੀਤਿਆਂ ਹੀ ਸਫਲਤਾ ਮਿਲਦੀ ਹੈ ।
57.ਆਪਣਾ ਆਪਣਾ ਪਰਾਇਆ ਪਰਾਇਆ: ਖ਼ੂਨ ਦੇ ਰਿਸ਼ਤੇ ਤੇ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਦਾ ਸੰਕੇਤ ਹੈ।
58.ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ : ਜਦੋਂ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕੀਤੀ ਜਾ ਸਕਦਾ ਹੈ।
59.ਆਪਣਾ ਕੰਮ ਕੱਢਣ ਵਾਸਤੇ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ: ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰੀ ਕਿਸੇ ਭੈੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ।
60.ਆਪਣਾ ਖ਼ੂਨ ਬੋਲਣੋਂ ਨਹੀਂ ਰਹਿੰਦਾ: ਭਾਵੇਂ ਕਿਹੋ ਜਿਹੇ ਵੀ ਹਾਲਾਤ ਹੋਣ ਆਪਣੇ ਸਾਕ ਸੰਬੰਧੀ ਸਦਾ ਹਮਦਰਦੀ ਕਰਦੇ ਹਨ।
61.ਆਪਣਾ ਘਰ ਸੰਭਾਲੋ ਚੋਰ ਨੂੰ ਕੁਝ ਨਾ ਆਖੋ: ਸਾਨੂੰ ਆਪਣੀ ਵਸਤ ਦਾ ਆਪ ਹੀ ਖ਼ਿਆਲ ਰੱਖਣਾ ਚਾਹੀਦਾ ਹੈ।
62.ਆਪਣਾ ਘਰ ਤੇ ਹੱਗ ਹੱਗ ਭਰ, ਬਿਗਾਨਾ ਘਰ ਤਾਂ ਥੁੱਕਾਂ ਦਾ ਵੀ ਡਰ: ਆਪਣੀ ਚੀਜ਼ ਨੂੰ ਜਿਵੇਂ ਜੀ ਕਰੇ ਵਰਤ ਸਕੀਦਾ ਹੈ, ਕੋਈ ਡਰ ਮਿਹਣਾ ਨਹੀਂ ਹੁੰਦਾ ਪਰ ਪਰਾਈ ਸ਼ੈ ਵਰਤਣ ਲੱਗਿਆਂ ਸਦਾ ਡਰ ਸਹਿਮ ਰਹਿੰਦਾ ਹੈ ਕਿ ਕਿਤੇ ਖਰਾਬ ਨਾ ਹੋ ਜਾਵੇ ਤੇ ਸ਼ੈ ਵਾਲਾ ਉਲਾਹਮਾ ਨਾ ਦੇਵੇ।
63.ਆਪਣਾ ਨਾ ਭਰੇ ਦੂਜਿਆਂ ਅੱਗੇ ਕੀ ਧਰੇ ?: ਜਿਹੜਾ ਆਪਣੀਆਂ ਲੋੜਾਂ ਵੀ ਪੂਰੀਆਂ ਕਰਨ ਜੋਗਾ ਨਾ ਹੋਵੇ, ਉਹਨੇ ਹੋਰਨਾਂ ਦੀ ਕੀ ਸਹਾਇਤਾ ਕਰਨੀ ਹੋਈ ?
64.ਆਪਣਾ ਨੀਂਗਰ ਪਰਾਇਆ ਢੀਂਗਰ: ਹਰ ਕਿਸੇ ਨੂੰ ਆਪਣਾ ਸ਼ੈ ਚੰਗੀ ਲਗਦੀ ਹੈ ਤੇ ਪਰਾਈ ਮੰਦੀ ਤੇ ਨੁਕਸਾਂ ਭਰੀ ਦਿੱਸਦੀ ਹੈ।
65.ਆਪਣਾ ਮਾਰੇਗਾ ਤਾ ਛਾਵੇਂ ਸੁਟੇਗਾ: ਬਿਗ਼ਾਨੇ ਨਾਲੋਂ ਆਪਣਾ ਹੀ ਚੰਗਾ ਹੁੰਦਾ ਹੈ ਭਾਵੇਂ ਦੁਸ਼ਮਣ ਕਿਉਂ ਨਾ ਹੋਵੇ
66.ਆਪਣਿਆਂ ਦੇ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ: ਆਪਣੇ ਸਾਕਾਂ ਸਨਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾ ਨਾਲ ਭੈੜੇ ਸਲੂਕ ਕਰਨਾ, ਪਰ ਓਪਰਿਆਂ ਨੂੰ ਚੰਗਾ ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ।
67.ਆਪਣੀ ਅਕਲ ਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਵਿਖਾਈ ਦੇਂਦਾ ਹੈ: ਜਦ ਕੋਈ ਅਗਲਿਆਂ ਦੇ ਨੁਕਸ ਕੱਢੇ ਤੇ ਉਹਨਾਂ ਨੂੰ ਅਕਲਹੀਣ ਆਖੇ, ਪਰ ਹੋਰਨਾਂ ਦੇ ਧਨ ਨੂੰ ਵੱਧ ਦੱਸੇ ਤੇ ਆਪਣੇ ਨੂੰ ਲੁਕਾਵੇ ਤੇ ਥੋੜ੍ਹਾ ਦੱਸੇ ।
68.ਆਪਣੀ ਅੱਖ ਪਰਾਇਆ ਡੇਲਾ : ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰੀਨ ਬਿਆਨ ਕਰੀ ਜਾਵੇ।
69.ਆਪਣੀ ਇੱਜ਼ਤ ਆਪਣੇ ਹੱਥ: ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।
70.ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ: ਆਪਣੇ ਘਰ ਤੇ ਆਪਣੇ ਹਮਾਇਤੀਆਂ ਵਿਚ ਬੈਠਾ ਤਾਂ ਹਰ ਕੋਈ ਆਕੜ-ਖਾਂ ਬਣ ਬਹਿੰਦਾ ਹੈ ।
71.ਆਪਣੀ ਨਿਬੇੜ ਪਰਾਈ ਨਾ ਛੇੜ: ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ ‘ਤੇ ਧਿਆਨ ਦੇਣ ਲਈ ਅਤੇ ਦੂਜੇ ਦੇ ਕੰਮ ‘ਚ ਦਖਲਅੰਦਾਜ਼ੀ ਕਰਨ ਤੋਂ ਰੋਕਣ ਲਈ ਵਰਤਿਆ ਜਾਂਦਾ ਹੈ।
72.ਆਪਣੀ ਪਈ ਤੇ ਪਰਾਈ ਬਿਸਰੀ: ਜਦੋਂ ਕਿਸੇ ਦੇ ਗਲ ਕੋਈ ਮੁਸੀਬਤ ਆਣ ਪੈਂਦੀ ਹੈ ਤਾਂ ਉਹ ਦੂਜੇ ਸਾਕ ਸੰਬੰਧੀਆਂ ਦੀ ਬੁਰਾਈ ਕਰਨ ਤੋਂ ਬਾਜ ਆ ਜਾਂਦਾ ਹੈ।
73.ਆਪਣੀਂ ਪੈਰੀਂ ਆਪ ਕੁਹਾੜਾ ਮਾਰਨਾ: ਆਪਣੀ ਹੱਥੀਂ ਆਪਣਾ ਨੁਕਸਾਨ ਕਰਨਾ ।
74.ਆਪਣੀ ਮੱਝ ਦਾ ਦੁੱਧ ਸੌ ਕੋਹ ‘ਤੇ ਜਾ ਕੇ ਪੀਈਦਾ ਹੈ: ਜੇ ਤੁਸੀਂ ਕਿਸੇ ਪ੍ਰਾਹੁਣੇ ਦੀ ਖਾਤਰ ਕਰੋਗੇ ਤਾਂ ਜਦੋਂ ਤੁਸੀ ਉਸ ਦੇ ਕੋਲ ਜਾਓਗੇ ਤਦ ਉਹ ਵੀ ਤੁਹਾਡੀ ਖ਼ਾਤਰ ਕਰੇਗਾ।
75.ਆਪਣੀ ਲਸੀ ਨੂੰ ਕੋਈ ਖੱਟੀ ਨਹੀਂ ਆਖਦਾ: ਆਪਣੀਆਂ ਕਮਜ਼ੋਰੀਆਂ ਕੋਈ ਨਹੀਂ ਦੱਸਦਾ।
76.ਆਪਣੀਆਂ ਜੁੱਤੀਆਂ ਤੇ ਆਪਣਾ ਸਿਰ: ਆਪਣੀ ਹੱਥੀਂ ਆਪਣਾ ਨੁਕਸਾਨ ਕਰਨਾ ।
77.ਆਪਣੀਆਂ ਨਾ ਦੱਸਾਂ, ਤੇ ਪਰਾਈਆਂ ਕਰ ਕਰ ਹੱਸਾਂ: ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱਢ ਕੇ ਖੁਸ਼ ਹੋਣਾ।
78.ਆਪਣੇ ਘਰ ਗਿਦੜ ਵੀ ਸ਼ੇਰ ਹੁੰਦਾ ਹੈ: ਕਮਜ਼ੋਰ ਤੋਂ ਕਮਜ਼ੋਰ ਮਨੁੱਖ ਵੀ ਆਪਣੇ ਘਰ ਬਹਾਦਰ ਬਣ ਜਾਂਦਾ ਹੈ।
79.ਆਪਣੇ ਘਰ ਪਕਾਈਂ ਨਾ, ਤੇ ਸਾਡੇ ਘਰ ਆਈਂ ਨਾ: ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾ ਹੀ ਉਹਨੂੰ ਆਪ ਕਰ ਲੈਣ ਦੇਣਾ।
80.ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਘਰ ਲੱਗੇ ਤਾ ਬਸੰਤਰ: ਜਿਸ ਨੂੰ ਕੋਈ ਦੁੱਖ ਲਗਦਾ ਹੈ, ਪੀੜ ਦਾ ਗਿਆਨ ਵੀ ਉਹਨੂੰ ਹੀ ਹੁੰਦਾ ਹੈ, ਹੋਰਨਾਂ ਦੇ ਦੁੱਖਾਂ ਨੂੰ ਇਨਸਾਨ ਐਵੇਂ ਹੀ ਗਿਣਦਾ ਹੈ, ਸਗੋਂ ਵੇਖ ਕੇ ਖੁਸ਼ ਹੁੰਦਾ ਹੈ ।
81.ਆਪੇ ਹੀ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜੀਉਣ: ਜਿਸ ਵਿਚ ਗੁਣ ਤਾਂ ਨਾ ਹੋਣ, ਪਰ ਆਪੇ ਆਪਣੀਆਂ ਤੇ ਆਪਣਿਆਂ ਦੀਆਂ ਤਾਰੀਫਾਂ ਕਰੀ ਜਾਵੇ ।
82.ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ : ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ।
83.ਆਲਿਆਂ ਭੋਲਿਆਂ ਦਾ ਰੱਬ ਰਾਖਾ: ਸਾਧਾਰਨ ਲੋਕ ਚੁਗਲੀ ਚਲਾਕੀ ਨਹੀਂ ਵਰਤਦੇ ਪ੍ਰੰਤੂ ਰੱਬ ਉਹਨਾਂ ਦੀ ਸਹਾਇਤਾ ਕਰਦਾ ਹੈ।
84.ਆਵਣ ਪਰਾਈਆਂ ਨਿਖੇੜਨ ਸਕਿਆਂ ਭਾਈਆਂ: ਵਿਆਹ ਤੋਂ ਬਾਅਦ ਭਰਾਵਾਂ ਵਿਚ ਜੇ ਫੁਟ ਪੈ ਜਾਵੇ ਤਾਂ ਇਸ ਦਾ ਕਾਰਨ ਬਾਹਰੋਂ ਆਈਆਂ ਵਹੁਟੀਆਂ ਦਾ ਕੰਨ ਭਰਨਾ ਸਮਝਿਆ ਜਾਂਦਾ ਹੈ।
85.ਆਂਡੇ ਹੋਰ ਘਰ, ਕੁੜ ਕੁੜ ਸਾਡੇ ਘਰ: ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਉਣੀ ਹੋਰਨਾਂ ਨੂੰ।
86.ਔਤਰ ਨਖੱਤਰ ਨਾ ਮੂਲੀ ਨਾ ਪੱਤਰ : ਸੰਤਾਨਹੀਣ ਮਨੁੱਖ ।

Also Read: Punjabi Boliyan, Punjabi Viah diya Boliyan Written|( ਪੰਜਾਬੀ ਬੋਲੀਆਂ ) 

ਪੰਜਾਬੀ ਅਖਾਣ – ੲ

1.ਇਸ ਹੱਥ ਦੇ ਉਸ ਹੱਥ ਲੈ: ਜਿਹੋ ਜਿਹਾ ਕਿਸੇ ਨਾਲ ਵਰਤਾਰਾ ਕਰੋਗੇ ਉਹੋ ਜਿਹਾ ਹੀ ਉਹ ਤੁਹਾਡੇ ਨਾਲ ਕਰੇਗਾ ।
2.ਇਸ਼ਕ ਤੰਦੂਰ ਹੱਡਾਂ ਦਾ ਬਾਲਣ: ਇਸ਼ਕ ਵਿੱਚ ਆਦਮੀ ਤਬਾਹ ਹੋ ਜਾਂਦਾ ਹੈ ।
3.ਇਸ਼ਕ ਪ੍ਰਹੇਜ਼ ਮੁਹੰਮਦ ਬਖ਼ਸ਼ਾ ਕਦੇ ਨਹੀਂ ਰਲ ਬਹਿੰਦੇ : ਪਿਆਰ-ਮੁਹੱਬਤ ਵਿੱਚ ਸੰਗ-ਸੰਕੋਚ ਦਾ ਕੋਈ ਸਥਾਨ ਨਹੀਂ ਹੁੰਦਾ।
4.ਇਸ ਹਮਾਮ ਵਿਚ ਸਾਰੇ ਨੰਗੇ ਹਨ: ਇਸ ਸੰਸਥਾ ਜਾਂ ਸਮਾਜ ਦੇ ਸਾਰੇ ਲੋਕੀ ਹੀ ਭੈੜੇ ਹਨ ।
5.ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ: ਇਸ ਜੱਗ ਵਿਚ ਚੰਗਾ ਖਾ-ਪੀ ਲਓ, ਅਗਲਾ ਜਹਾਨ ਕੀਹਨੇ ਵੇਖਿਆ ਹੈ।
6.ਇਨ੍ਹਾਂ ਤਿਲਾਂ ਵਿਚ ਤੇਲ ਨਹੀਂ: ਇਸ ਬੰਦੇ ਪਾਸੋਂ ਜਾਂ ਇਸ ਥਾਂ ਤੋਂ ਆਸ ਪੂਰੀ ਨਹੀਂ ਹੋਣੀ।
7.ਇਕ ਅਨਾਰ ਤੇ ਸੌ ਬਿਮਾਰ: ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ।
8.ਇਕ ਇਕ ਤੇ ਦੋ ਯਾਰਾਂ: ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨ।
9.ਇਕ ਸੱਪ ਦੂਜਾ ਉੱਡਣਾ: ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈੜੇ ਗੁਣ ਹੋਣ ਤਾਂ ਕਹਿੰਦੇ ਹਨ।
10.ਇਕ ਹੱਥ ਨਾਲ ਤਾੜੀ ਨਹੀਂ ਵੱਜਦੀ: ਲੜਾਈ ਵਿੱਚ ਦੋਵੇਂ ਧਿਰਾਂ ਦਾ ਕਸੂਰ ਹੁੰਦਾ ਹੈ ।
11.ਇਕ ਹੋਵੇ ਕਮਲਾ ਤਾਂ ਸਮਝਾਏ ਵਿਹੜਾ, ਵਿਹੜਾ ਹੋਏ ਕਮਲਾ ਤਾਂ ਸਮਝਾਏ ਕਿਹੜਾ: ਜੇਕਰ ਕਿਸੇ ਥਾਂ ਇਕ ਆਦਮੀ ਮਾੜਾ ਹੇਵੇ, ਤਾਂ ਉਸ ਨੂੰ ਉਸ ਦੇ ਸਾਥੀ ਸਮਝਾ ਸਕਦੇ ਹਨ, ਪਰ ਜੇਕਰ ਸਾਰੇ ਮਾੜੇ ਹੋਣ, ਤਾਂ ਉਨ੍ਹਾ ਨੂੰ ਸਿੱਧੇ ਰਾਹੇ ਕੋਈ ਨਹੀਂ ਪਾ ਸਕਦਾ।
12.ਇਕ ਕਮਲੀ ਦੂਜੇ ਪੈ ਗਈ ਸਿਵਿਆਂ ਦੇ ਰਾਹ: ਜਦੋਂ ਕੋਈ ਬੰਦਾ ਕਿਸੇ ਇਕ ਕੰਮ ਦੇ ਯੋਗ ਨਾ ਹੋਵੇ, ਪਰੰਤੂ ਉਸ ਨੂੰ ਅੱਗੇ ਉਸ ਤੋਂ ਵੀ ਮੁਸਕਿਲ ਕੰਮ ਕਰਨਾ ਪੈ ਜਾਵੇ।
13.ਇਕ ਕਰੇਲਾ ਦੂਜਾ ਨਿੰਮ ਚੜ੍ਹਿਆ: ਜਦੋਂ ਇਕ ਬੰਦ ਪਹਿਲਾਂ ਹੀ ਬੁਰਾ ਹੋਵੇ ਪਰ ਕਿਸੇ ਹੋਰ ਕਾਰਨ ਹੋਰ ਬੁਰਾ ਹੋ ਜਾਵੇ।
14.ਇਕ ਚੁੱਪ ਸੌ ਸੁੱਖ: ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।
15.ਇਕ ਨੂੰ ਕੀ ਰੋਨੀ ਏਂ, ਏਥੇ ਊਤ ਗਿਆ ਈ ਆਵਾ: ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ ।
16.ਇਕ ਦਰ ਬੰਦ ਸੌ ਦਰ ਖੁੱਲ੍ਹੇ: ਰੁਜ਼ਗਾਰ ਦੇ ਹਜ਼ਾਰਾਂ ਸਾਧਨ ਹਨ, ਘਬਰਾਉਣਾ ਨਹੀਂ ਚਾਹੀਦਾ ।
17.ਇਕ ਨਿੰਬੂ ਪਿੰਡ ਭੁੱਖਿਆਂ ਦਾ: ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
18.ਇਕ ਨੂੰ ਪਾਣੀ ਇਕ ਨੂੰ ਪਿੱਛ: ਜਦੋਂ ਕੋਈ ਮਨੁੱਖ ਕੋਈ ਵਸਤੂ ਵੰਡਣ ਲਗਿਆਂ ਜਾਂ ਵਿਵਹਾਰ ਕਰਨ ਲਗਿਆਂ ਵਿਤਕਰਾ ਕਰੇ ।
19.ਇਕ ਪਰਹੇਜ਼ ਤੇ ਸੌ ਹਕੀਮ: ਜਿਹੜਾ ਬੰਦਾ ਖਾਣ-ਪੀਣ ਵਿਚ ਪ੍ਰਹੇਜ਼ ਕਰਦਾ ਹੈ, ਉਸ ਨੂੰ ਹਕੀਮਾਂ ਦੀ ਲੋੜ ਨਹੀਂ ਪੈਂਦੀ।
20.ਇਕ ਪੰਥ ਦੋ ਕਾਜ: ਜਦੋਂ ਕੋਈ ਇੱਕ ਖ਼ਾਸ ਕੰਮ ਕੀਤਿਆਂ ਕੋਈ ਦੂਜਾ ਕੰਮ ਨਾਲ ਹੀ ਬਿਨਾਂ ਹੋਰ ਖੇਚਲ ਤੇ ਖਰਚ ਦੇ ਹੋ ਜਾਵੇ ।
21.ਇਕ ਬੇਲੇ ਵਿਚ ਦੋ ਸ਼ੇਰ ਨਹੀਂ ਰਹਿ ਸਕਦੇ: ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
22.ਇਕ ਬੋਟੀ ਤੇ ਸੌ ਕੁੱਤਾ: ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
23.ਇਕ ਮੱਛੀ ਸਾਰਾ ਜਲ ਗੰਦਾ ਕਰਦੀ ਹੈ: ਇਕ ਭੈੜਾ ਆਦਮੀ ਸਾਰੇ ਸੰਗੀਆਂ ਸਾਥੀਆਂ ਦਾ ਇਤਬਾਰ ਗੁਆ ਦੇਂਦਾ ਹੈ।
24.ਇਕ ਮਿਆਨ ਵਿਚ ਦੋ ਤਲਵਾਰਾਂ: ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
25.ਇਕੋ ਆਂਡਾ ਉਹ ਵੀ ਗੰਦਾ: ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ ਤੇ ਉਹ ਵੀ ਭੈੜਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।
26.ਇੱਟ ਚੁੱਕਦੇ ਨੂੰ ਪੱਥਰ ਤਿਆਰ: ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
27.ਇੱਟ ਦਾ ਜਵਾਬ ਪੱਥਰ: ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
28.ਇੱਟ ਦੀ ਦੇਣੀ, ਪੱਥਰ ਦੀ ਲੈਣੀ: ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
29.ਇੱਲ ਝੁਰਾਟੀ ਧਾੜੀ, ਜਠੇਰਿਆਂ ਤੇ ਚਾੜ੍ਹੀ: ਜਦੋਂ ਕੋਈ ਚੀਜ਼ ਹੱਥੋਂ ਜਾ ਰਹੀ ਹੋਵੇ ਜਾਂ ਖ਼ਰਾਬ ਹੋ ਰਹੀ ਹੋਵੇ ਤੇ ਉਹੀ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਜਤਾਉਣਾ ।
30.ਇੱਲ ਦਾ ਨਨਾਣਵਈਆ (ਨਣਦੋਈਆ) ਕਾਂ : ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ (ਮਾੜੇ) ਹੀ ਹੁੰਦੇ ਹਨ।
31.ਇੱਲ ਮੁੰਡਾ ਲੈ ਗਈ, ਜਠੇਰਿਆਂ ਦਾ ਨਾਂ: ਜਦ ਕਿਸੇ ਦਾ ਬਦੋਬਦੀ ਕੋਈ ਨੁਕਸਾਨ ਹੋ ਜਾਵੇ ਤਾਂ ਉਹਦਾ ਅਹਿਸਾਨ ਹੋਰਨਾਂ ਸਿਰ ਚਾੜ੍ਹਿਆ ਜਾਵੇ ਤਾਂ ਕਹਿੰਦੇ ਹਨ।
32.ਇੱਲਾਂ ਦੇ ਆਲ੍ਹਣਿਓਂ ਮਾਸ ਦੀਆਂ ਮੁਰਾਦਾਂ: ਜਿਹੜਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।
33.ਈਸਬਗੋਲ ਕੁਝ ਨਾ ਫੋਲ: ਕਿਸੇ ਚੀਜ਼ ਦੀ ਜ਼ਿਆਦਾ ਫੋਲਾਫਾਲੀ ਕੀਤਿਆਂ ਉਸ ਵਿੱਚ ਨੁਕਸ ਤੇ ਬੁਰਾਈਆਂ ਦਿੱਸਣ ਲੱਗ ਪੈਂਦੀਆਂ ਹਨ ।
34.ਈਦੋਂ ਬਾਦ ਤੰਬਾ ਫੂਕਣਾ ਏਂ: ਲੋੜ ਦਾ ਸਮਾਂ ਲੰਘ ਜਾਣ ਮਗਰੋਂ ਕਿਸੇ ਸ਼ੈ ਦੇ ਮਿਲਣ ਦਾ ਕੀ ਫਾਇਦਾ।

ਪੰਜਾਬੀ ਅਖਾਣ – ਸ

1.ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ: ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘੜੀ ਮੁੜੀ ਨਵੀਂ ਖਰੀਦਣੀ ਪੈਂਦੀ ਹੈ, ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ।
2.ਸਹਿਜ ਪੱਕੇ ਸੋ ਮਿੱਠਾ; ਠਰੰਮ੍ਹੇ ਨਾਲ ਕੰਮ ਕਰਨ ਨਾਲ ਕੰਮ ਸਹੀ ਹੋ ਜਾਂਦਾ ਹੈ ।
3.ਸਹੁੰ ਦੇਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ: ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱਲ ਦਾ ਭਰੋਸਾ ਦਿਵਾ ਜਾਂ ਜੁੰਮੇਵਾਰੀ ਉਠਾ ਸਕਦਾ ਹੈ, ਹੋਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ।
4.ਸਹੇ ਦੀ ਨਹੀਂ, ਮੈਨੂੰ ਪਹੇ ਦੀ ਪਈ ਹੈ: ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ ।
5.ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ: ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ ।
6.ਸ਼ਹਿਰ ਦਾ ਝੋਰਾ, ਕਾਜ਼ੀ ਨੂੰ: ਜਿਹੜਾ ਆਪਣੇ ਜੋਗਾ ਵੀ ਨਾ ਹੋਵੇ ਪਰ ਚਿੰਤਾ ਬਹੁਤਿਆਂ ਦੇ ਸੁੱਖ ਦੀ ਕਰੇ ।
7.ਸ਼ਕਲ ਡੂਮਾਂ ਦੀ ਦਿਮਾਗ਼ ਪਰੀਆਂ ਦਾ: ਜਿਹੜਾ ਮਨੁੱਖ ਸ਼ਕਲ ਤੋਂ ਭੱਦਾ ਹੁੰਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੌਹਰ ਕੱਢ ਕੇ ਰੱਖੇ, ਨਖਰਾ ਕਰੇ।
8.ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ: ਬਾਹਰੋਂ ਨੇਕ ਤੇ ਭਜਨੀਕ ਜਾਪਣਾ, ਪਰ ਕੰਮ ਕਰਨੇ ਭੈੜੇ ਤੇ ਬੇਧਰਮੀਆਂ ਵਾਲੇ।
9.ਸਖੀ ਨਾਲੋਂ ਸੂਮ ਭਲਾ, ਜੋ ਤੁਰਤ ਦੇਵੇ ਜਵਾਬ: ਟਾਲ-ਮਟੋਲੇ ਕਰਨ ਵਾਲੇ ਨਾਲੋਂ ਜਵਾਬ ਦੇਣ ਵਾਲਾ ਹੀ ਚੰਗਾ ਹੈ ।
10.ਸਬਰ ਦਾ ਫੱਲ ਮਿੱਠਾ: ਸਬਰ ਤੇ ਧੀਰਜ ਦੀ ਪ੍ਰੇਰਨਾ ਦੇਣ ਲਈ ਇਸ ਅਖ਼ਾਣ ਦੀ ਵਰਤੋਂ ਕੀਤੀ ਜਾਂਦੀ ਹੈ।
11.ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ, ਨਾ ਜੁੱਲੀ: ਜਦਂੋ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਤੇ ਪਿੱਛੋਂ ਉਸ ਨੂੰ ਛਲਾਵੇ ਦਾ ਗਿਆਨ ਹੋਵੇ ਤਾਂ ਕਹਿੰਦੇ ਹਨ।
12.ਸਮੁੰਦਰ ‘ਚ ਮੋਤੀਆਂ ਦਾ ਕਾਲ: ਸਭ ਕੁਝ ਹੁੰਦੇ ਹੋਏ ਵੀ ਰੋਂਦੇ ਰਹਿਣਾ ਜਾਂ ਹੁੰਦਿਆਂ ਸੁੰਦਿਆਂ ਕੰਜੂਸੀ ਕਰਨੀ।
13.ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ: ਜਦ ਕੋਈ ਸੂਮ ਬੱਚਤ ਕਰੇ ਪਰ ਨੁਕਸਾਨ ਵੱਧ ਹੋ ਜਾਵੇ ।
14.ਸ਼ਰਮ ਕਰੇਂਦਾ ਅੰਦਰ ਵੜਿਆ ਮੂਰਖ ਆਖੇ ਮੈਥੋਂ ਡਰਿਆ: ਮੂਰਖ ਤੋਂ ਟਾਲਾ ਵੱਟੋ ਤਾਂ ਉਹ ਸਮਝਦਾ ਹੈ ਮੈਥੋਂ ਡਰ ਗਿਆ
15.ਸ਼ਰੀਕ ਮਿੱਟੀ ਦਾ ਵੀ ਮਾਣ ਨਹੀਂ: ਇਹ ਅਖ਼ਾਣ ਸ਼ਰੀਕਾਂ ਦੀ ਸ਼ਰੀਕਾਂ ਵਲ ਮੰਦੀ ਭਾਵਨਾ ਦਾ ਪ੍ਰਗਟਾ ਕਰਦਾ ਹੈ।
16.ਸਲਾਹ ਕੰਧਾਂ ਕੋਲੋਂ ਵੀ ਲੈਣੀ ਚਾਹੀਦੀ ਹੈ: ਕੋਈ ਕੰਮ ਕਰਨ ਲਗਿਆਂ ਕਿਸੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ।
17.ਸਵਾਲ ਗੰਦਮ, ਜਵਾਬ ਚਣਾਂ (ਸਵਾਲ ਕਣਕ, ਜਵਾਬ ਛੋਲੇ): ਪੁੱਛੀ ਗਈ ਗੱਲ ਦਾ ਜਵਾਬ ਹੋਰ ਦਾ ਹੋਰ ਦੇ ਦੇਣਾ ।
18.ਸੱਸ ਨਾ ਨਨਾਣ ਆਪੇ ਵਹੁਟੀ ਪਰਧਾਨ: ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰੇ, ਕੋਈ ਪੁਛਣ ਗਿਛਣ ਵਾਲਾ ਨਾ ਹੋਵੇ।
19.ਸੱਚ ਆਖਣਾ ਅੱਧੀ ਲੜਾਈ: ਸੱਚੀ ਗੱਲ ਹਮੇਸ਼ਾਂ ਕੌੜੀ ਲਗਦੀ ਆ, ਲੋਕ ਸੱਚੀ ਗੱਲ ਆਖਣ ਵਾਲੇ ਨੂੰ ਬੁਰਾ ਸਮਝਦੇ ਹਨ ।
20.ਸੱਜਣ ਛੱਡੀਏ ਰੰਗ ਸਿਉਂ, ਬਹੁੜ ਵੀ ਆਵਣ ਕੰਮ: ਜੇ ਸੱਜਣ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ, ਤਾਂ ਰੁੱਸ ਲੜ ਕੇ ਨਹੀਂ, ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ, ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ ।
21.ਸੱਜਣਾਂ ਦੇ ਲਾਰੇ ਸਦਾ ਕਵਾਰੇ: ਜਦੋਂ ਕੋਈ ਮਨੁੱਖ ਲਾਰੇ ਲਾ ਕੇ ਅੰਤ ਵਿਚ ਕੰਮ ਕਰਨੋ ਕੋਰਾ ਜਵਾਬ ਦੇ ਦੇਵੇ।
22.ਸੱਤ ਡਿੱਗਾ ਜਹਾਨ ਡਿੱਗਾ: ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ ।
23.ਸੱਦੀ ਨਾ ਪੁੱਛੀ, ਮੈਂ ਲਾੜੇ ਦੀ ਫੁੱਫੀ: ਜਦ ਕੋਈ ਬਦੋ-ਬਦੀ ਅਗਾਂਹ ਚੌਧਰੀ ਬਣਦਾ ਫਿਰੇ ।
24.ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ: ਜਦ ਕੋਈ ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖੜਪੈਂਚ ਬਣਨ ਦੇ ਜਤਨ ਕਰੇ ।
25.ਸੱਪ ਦਾ ਖਾਧਾ ਸੂਤ ਕੋਲੋਂ ਵੀ ਡਰਦਾ ਜਾਵੇ: ਜਦੋਂ ਕੋਈ ਬੰਦਾ ਇਕ ਵਾਰ ਕਿਸੇ ਤੋਂ ਧੋਖਾ ਖਾ ਜਾਵੇ ਤਾਂ ਉਹ ਅਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ।
26.ਸੱਪ ਦਾ ਬੱਚਾ ਸਪੋਲੀਆ: ਮੰਦੇ ਤੇ ਭੈੜੇ ਬੰਦਿਆਂ ਦੀ ਉਲਾਦ ਵੀ ਉਨ੍ਹਾਂ ਵਰਗੀ ਹੀ ਮਾੜੀ ਹੀ ਹੁੰਦੀ ਹੈ।
27.ਸੱਪ ਨੂੰ ਸੱਪ ਲੜੇ, ਤੇ ਵਿਹੁ ਕੀਹਨੂੰ ਚੜ੍ਹੇ ?: ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ ਵਿਚ ਲੜਨ ਲੱਗ ਪੈਣ, ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ ਪਹੁੰਚਦਾ ਹੈ।
28.ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ: ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿਕੰਮ ਵੀ ਹੋ ਜਾਵੇ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ।
29.ਸੱਪਾਂ ਦੇ ਪੁੱਤਰ ਕਦੇ ਮਿੱਤਰ ਨਹੀਂ ਹੁੰਦੇ: ਵੈਰੀਆਂ ਦੀ ਉਲਾਦ ਵੀ ਵੈਰ ਕਮਾਉਣੋਂ ਨਹੀਂ ਟਲਦੀ ਉਹਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ।
30.ਸੱਭੇ ਭੇਡਾਂ ਮੂੰਹ ਕਾਲੀਆਂ: ਏਥੇ ਸਾਰੇ ਦੇ ਸਾਰੇ ਬੰਦੇ ਹੀ ਭੈੜੇ ਹਨ।
31.ਸਾਉਣ ਸੁੱਤੀ, ਖਰੀ ਵਿਗੁੱਤੀ: ਸਾਉਣ ਵਿਚ ਦਿਨੇ ਸੌਣਾ ਚੰਗਾ ਨਹੀਂ ਮੰਨਿਆਂ ਜਾਂਦਾ। ਸੁਸਤੀ ਸਿਹਤ ਤੇ ਕੰਮ ਵਿਗਾੜ ਦਿੰਦੀ ਹੈ ।
32.ਸਾਉਣ ਦੇ ਅੰਨ੍ਹੇ ਨੂੰ ਹਰ ਪਾਸੇ ਹਰਿਆ ਹੀ ਹਰਿਆ ਦਿਸਦਾ ਹੈ: ਸੁਖੀ ਤੇ ਖੁਸ਼ਹਾਲ ਨੂੰ ਸਾਰੇ ਸੁਖੀ ਤੇ ਖੁਸ਼ਹਾਲ ਦਿਸਦੇ ਹਨ ।
33.ਸਾਈਆਂ ਕਿਤੇ ਵਧਾਈਆਂ ਕਿਤੇ: ਜਿਹੜਾ ਮਨੁੱਖ ਲਾਰੇ ਲੱਪੇ ਕਿਸੇ ਹੋਰ ਨਾਲ ਲਾਵੇ ਤੇ ਕੰਮ ਕਿਸੇ ਹੋਰ ਦਾ ਕਰੇ।
34.ਸਾਈਂ ਅੱਖਾਂ ਫੇਰੀਆਂ, ਵੈਰੀ ਕੁੱਲ ਜਹਾਨ: ਜੇ ਰੱਬ ਮਿਹਰਬਾਨ ਨਾ ਹੋਵੇ, ਤਾਂ ਸਾਰੇ ਬੰਦੇ ਹੀ ਦੁਸ਼ਮਣ ਹੋ ਜਾਂਦੇ ਹਨ ।
35.ਸਾਨੂੰ ਸੱਜਣ ਸੌ ਮਿਲੇ ਗਲੀਂ ਲੱਗੀਆਂ ਬਾਹੀਂ, ਸਾਡੇ ਉੱਤੇ ਜੁੱਲੀਆਂ, ਉਹਨਾਂ ਤੇ ਉਹ ਵੀ ਨਾਹੀਂ: ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾੜੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ ।
36.ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਲੁਟਾ: ਜਦੋਂ ਬਹੁਤਾ ਨੁਕਸਾਨ ਹੁੰਦਾ ਦਿਸਦਾ ਹੋਵੇ, ਤੇ ਆਪਣੇ ਆਪ ਹੀ ਥੋੜ੍ਹਾ ਜਿਹਾ ਨੁਕਸਾਨ ਝੱਲਿਆਂ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੋਵੇ, ਤਾਂ ਇਹ ਥੋੜ੍ਹਾ ਨੁਕਸਾਨ ਖੁਸ਼ੀ ਨਾਲ ਝੱਲ ਲੈਣਾ ਚਾਹੀਦਾ ਹੈ।
37.ਸਾਰੀ ਰਾਤ ਭੰਨੀ, ਤੇ ਕੁੜੀ ਜੰਮੀ ਅੰਨ੍ਹੀ: ਮਿਹਨਤ ਤਕਲੀਫ ਬਹੁਤ ਵਧੇਰੇ ਤੇ ਸਿੱਟਾ ਬਹੁਤ ਘਟੀਆ।
38.ਸਾਂਝਾ ਬਾਬਾ ਕੋਈ ਨਾ ਪਿੱਟੇ, ਸਾਂਝੀ ਹਾਂਡੀ ਚੁਰਾਹੇ ਫੁੱਟੇ: ਜਿਹੜੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚੜ੍ਹਦਾ ।
39.ਸਾਂਝੀ ਦੇਗ਼ ਕੁਤਿਆਂ ਖਾਧੀ: ਜਦ ਕਿਸੇ ਕੰਮ ਨੂੰ ਬਹੁਤ ਸਾਰੇ ਬੰਦੇ ਮਿਲ ਕੇ ਸਾਂਝੀ ਰਾਏ ਅਨੁਸਾਰ ਨਾ ਕਰਨ ਤਾਂ ਉਹ ਕੰਮ ਖ਼ਰਾਬ ਹੋ ਜਾਂਦਾ ਹੈ।
40.ਸਿਆਣਾ ਕਾਂ ਹਮੇਸ਼ਾ ਗੰਦ ਤੇ ਬੈਠੇ: ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲਾ ਪੁਰਸ਼ ਹਮੇਸ਼ਾਂ ਨੁਕਸਾਨ ‘ਚ ਰਹਿੰਦਾ ਹੈ।
41.ਸਿਰ ਤੇ ਨਹੀਂ ਕੁੰਡਾ, ਤੇ ਹਾਥੀ ਫਿਰੇ ਲੁੰਡਾ: ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ, ਤੇ ਉਹ ਬੇ-ਲਗਾਮੇ ਘੋੜੇ ਵਾਂਙ ਜਿੱਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ ਫਿਰੇ ।
42.ਸਿਰੋਂ ਗੰਜੀ ਕੰਘੀਆਂ ਦਾ ਜੋੜਾ: ਲੋੜ ਤੋਂ ਵੱਧ ਚੀਜ਼ਾਂ ਰੱਖਣ ਵਾਲੇ ਲਈ ਕਿਹਾ ਜਾਂਦਾ ਹੈ ।
43.ਸਿਰਹਾਂਦੀ ਸੌਂ, ਪਵਾਂਦੀ ਸੌਂ, ਲੱਕ ਵਿਚਕਾਰ ਈ: ਭਾਵੇਂ ਕਿੰਨੇ ਵੀ ਹੇਰ-ਫੇਰ ਜਾਂ ਯਤਨ ਕਰੋ, ਨਤੀਜਾ ਤਾਂ ਇੱਕੋ ਹੀ ਰਹਿਣਾ ਹੈ ।
44.ਸੁੱਕੀ ਨਾਲ ਗਿੱਲੀ ਵੀ ਬਲ ਜਾਂਦੀ ਹੈ: ਚੰਗੇ ਬੰਦੇ ਦਾ ਅਸਰ ਬੁਰੇ ਨੂੰ ਵੀ ਤਾਰ ਦੇਂਦਾ ਹੈ।
45.ਸੁਣੋ ਸਾਰਿਆਂ ਦੀ ਕਰੋ ਦਿਲ ਦੀ: ਸਭ ਦੀ ਰਾਏ ਲੈਣ ਤੋਂ ਬਾਅਦ ਫੈਸਲਾ ਆਪਣੇ ਦਿਮਾਗ਼ ਨਾਲ ਲਓ।
46.ਸੁੱਤਾ ਮੋਇਆ ਇਕ ਬਰਾਬਰ: ਸੁੱਤਾ ਹੋਇਆ ਬੰਦਾ ਤੇ ਮੋਇਆ ਬੰਦਾ ਇਕ ਬਰਾਬਰ ਹੁੰਦਾ ਹੈ।
47.ਸੋਗ ਦਿਲ ਦਾ ਰੋਗ: ਚਿੰਤਾ ਬੀਮਾਰੀਆਂ ਦਾ ਕਾਰਣ ਬਣਦੀ ਹੈ ।
48.ਸੋਚ ਕਰੇ ਸੋ ਸੁੱਘੜ ਨਰ, ਕਰ ਸੋਚੇ ਅਸਲ ਖਰ: ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰਮ ਹੈ, ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ, ਪਰ ‘ਜੇ’ ਹੱਥ ਨਹੀਂ ਆਉਂਦੀ।
49.ਸੋਟਾ ਮਾਰਿਆਂ ਪਾਣੀ ਨਹੀਂ ਦੋ ਹੁੰਦੇ: ਇਹ ਦੱਸਣਾ ਕਿ ਸੱਜਣਾਂ ਮਿੱਤਰਾਂ ਤੇ ਸੰਬੰਧੀਆ ਵਿਚ ਵਿਰੋਧੀ ਵਲੋਂ ਭੁਲੇਖੇ ਪੈਦਾ ਕਰਨ ਨਾਲ ਵੀ ਉਨ੍ਹਾਂ ਦੇ ਸੰਬੰਧਾਂ ਵਿਚ ਕੋਈ ਫ਼ਰਕ ਨਹੀਂ ਪੈਂਦਾ।
50.ਸੌ ਸਿਆਣਿਆਂ ਇਕੋ ਮੱਤ, ਮੂਰਖ ਆਪੋ ਆਪਣੀ: ਸਪਸ਼ਟ ਹੈ ।
51.ਸੌ ਸੁਨਿਆਰ ਦੀ, ਇਕ ਲੁਹਾਰ ਦੀ: ਮਾੜੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ, ਜਿੰਨਾ ਤਕੜਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ।
52.ਸੌ ਹੱਥ ਰੱਸਾ ਸਿਰੇ ਤੇ ਗੰਢ: ਕੁਝ ਵੀ ਕਰੋ ਕਿਸੇ ਵੀ ਗੱਲ ਦਾ ਨਤੀਜਾ ਓਹੀ ਨਿਕਲੇਗਾ ਜੋ ਕੁਦਰਤੀ ਤੌਰ ਤੇ ਨਿਕਲਣਾ ਚਾਹੀਦਾ ਹੈ ।
53.ਸੌ ਦਾਰੂ ਇਕ ਘਿਉ, ਸੋ ਚਾਚਾ ਇਕ ਪਿਉ: ਸਪਸ਼ਟ ਹੈ।
54.ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ: ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ, ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ।
55.ਸੌਣਾ ਰੂੜੀਆਂ ਤੇ, ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ: ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।

ਪੰਜਾਬੀ ਅਖਾਣ – ਹ

1.ਹਸਾਏ ਦਾ ਨਾਂ ਨਹੀਂ, ਰੁਆਏ ਦਾ ਨਾਂ: ਜਿਹੜੇ ਸੁੱਖ ਦਿੱਤੇ ਹਨ ਉਹ ਭੁੱਲ ਗਏ, ਅਤੇ ਜੇ ਕਦੀ ਕੋਈ ਤਕਲੀਫ ਦਿੱਤੀ ਗਈ, ਉਹ ਚੇਤੇ ਰਹਿ ਗਈ।
2.ਹਸਦਾ ਪਿਉ ਦਾ ਰੋਂਦਾ ਮਾਂ ਦਾ: ਨਫ਼ੇ ਵਾਲੇ ਕੰਮ ਵਿਚ ਹਰ ਕੋਈ ਭਾਈਵਾਲ ਬਣਨਾ ਚਾਹੁੰਦਾ ਹੈ, ਪ੍ਰੰਤੂ ਘਾਟੇ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ ਹੈ।
3.ਹਮ ਨਾ ਵਿਆਹੇ, ਤਾਂ ਕਾਹਦੇ ਸਾਹੇ ?: ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰਨਾਂ ਸੁਖ ਲਾਭ ਪਿਆ ਹੋਵੇ, ਜੇ ਸਾਨੂੰ ਉਹ ਸੁਖ, ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ ਹੋਈ।
4.ਹਮਸਾਏ, ਮਾਂ-ਪਿਉ ਜਾਏ: ਗਵਾਂਢੀ ਵੀ ਭਰਾਵਾਂ ਵਰਗੇ ਹੁੰਦੇ ਹਨ ।
5.ਹੱਸਣੇ ਘਰ ਵੱਸਣੇ: ਹੱਸਦੇ ਖੇਡਦੇ ਦੇ ਖਿੜੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।
6.ਹੱਥ ਕੰਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜ੍ਹੇ ਲਿਖੇ ਨੂੰ ਫ਼ਾਰਸੀ ਕੀ: ਸਾਮ੍ਹਣੇ ਪਈ ਚੀਜ਼ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ।
7.ਹੱਥ ਕਾਰ ਵੱਲ ਦਿਲ ਯਾਰ ਵੱਲ: ਕੰਮ ਕਰਦਿਆਂ ਵੀ ਪਿਆਰੇ (ਰੱਬ) ਦਾ ਖ਼ਿਆਲ ਰੱਖਣਾ।
8.ਹੱਥ ਨੂੰ ਹੱਥ ਪਛਾਣਦਾ ਹੈ: ਜੇ ਕਿਸੇ ਨਾਲ ਚੰਗਾ ਵਰਤੋਗੇ, ਅੱਗੋਂ ਉਹ ਵੀ ਚੰਗਾ ਵਰਤੇਗਾ ।
9.ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ: ਕੰਮ ਵਿਗੜ ਤਾਂ ਸਹਿਜ ਹੀ ਜਾਂਦੇ ਹਨ, ਪਰ ਵਿਗੜੇ ਕੰਮਾਂ ਨੂੰ ਠੀਕ ਕਰਨਾ ਬੜਾ ਔਖਾ ਹੁੰਦਾ ਹੈ।
10.ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ: ਜੇ ਵਿਰੋਧੀਆਂ ਅੱਗੇ ਝੁਕਦੇ ਜਾਈਏ, ਤਾਂ ਉਹ ਅੱਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰੜਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ।
11.ਹੰਕਾਰ ਦਾ ਸਿਰ ਨੀਵਾਂ: ਹੰਕਾਰੀ ਬੰਦੇ ਨੂੰ ਹੰਕਾਰ ਨਾ ਕਰਨ ਦਾ ਉਪਦੇਸ਼ ਦੇਣ ਲਈ ਵਰਤਿਆ ਜਾਂਦਾ ਹੈ।
12.ਹਾਸੇ ਦਾ ਮੜਾਸਾ ਹੋ ਜਾਣਾ: ਕਈ ਵਾਰੀ ਹਾਸੇ ਹਾਸੇ ਵਿਚ ਮੂੰਹੋਂ ਅਜਿਹੀ ਗੱਲ ਨਿਕਲ ਜਾਂਦੀ ਹੈ ਜਿਸ ਕਰਕੇ ਬੇਸੁਆਦੀ ਜਾਂ ਲੜਾਈ ਹੋ ਜਾਂਦੀ ਹੈ।
13.ਹਾਣ ਨੂੰ ਹਾਣ ਪਿਆਰਾ: ਹਰ ਕੋਈ ਆਪਣੀ ਉਮਰ ਦੇ ਹਾਣੀਆਂ ਨਾਲ ਮਿਲ ਕੇ ਖੁਸ਼ ਹੁੰਦਾ ਹੈ।
14.ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ: ਜੋ ਬਾਹਰੋਂ ਸਾਊ ਤੇ ਮਿੱਠਾ ਜਾਪੇ, ਪਰ ਦਿਲ ਦਾ ਖੋਟਾ ਹੋਵੇ ।
15.ਹਾਥੀ ਲੰਘ ਗਿਆ ਤੇ ਪੂਛ ਬਾਕੀ ਰਹਿ ਗਈ: ਕੰਮ ਦਾ ਬਹੁਤ ਵਡੇਰਾ ਤੇ ਔਖੇਰਾ ਹਿੱਸਾ ਮੁੱਕ ਗਿਆ, ਏਵੇਂ ਥੋੜ੍ਹਾ ਤੇ ਮਾਮੂਲੀ ਜਿਹਾ ਰਹਿ ਗਿਆ ਹੈ।
16.ਹਾਰ ਮੰਨੀ ਝਗੜਾ ਮੁਕਿਆ: ਜਦੋਂ ਕੋਈ ਸਿਆਣਾ ਬੰਦਾ ਝਗੜੇ ਦਾ ਨਿਪਟਾਰਾ ਕਰਨ ਲਈ ਆਪ ਮਾੜੀ-ਮੋਟੀ ਕਸਰ ਸਹਿ ਲਵੇ ।
17.ਹਾੜ੍ਹ ਸੜੇ ਸਾਵਣ ਵਰ੍ਹੇ ਜੱਟ ਭੜੋਲੇ ਭਰੇ: ਜਦੋਂ ਹਾੜ ਵਿਚ ਚੰਗੀ ਗਰਮੀ ਹੋਵੇ ਅਤੇ ਸਾਵਣ ਵਿਚ ਰੱਜ ਕੇ ਵਰਖਾ ਹੋਵੇ ਤਾਂ ਅੰਨ ਦੀ ਉਪਜ ਚੋਖੀ ਹੋ ਜਾਂਦੀ ਹੈ।
18.ਹਾੜ੍ਹ ਸੁੱਕੇ ਨਾ ਸਾਉਣ ਹਰੇ: ਜਦੋਂ ਹਾਲਤ ਹਮੇਸ਼ਾ ਇਕੋ ਵਰਗੀ ਰਹੇ ।
19.ਹਾਂ ਜੀ, ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ: ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ, ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।
20.ਹਾਂਡੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾੜੇਗੀ: ਮਾੜੇ ਨਿਤਾਣੇ ਬੰਦੇ ਦਾ ਗੁੱਸਾ ਉਹਨੂੰ ਹੀ ਸਾੜਦਾ ਭੁੰਨਦਾ ਤੇ ਦੁਖੀ ਕਰਦਾ ਹੈ, ਹੋਰ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ।
21.ਹਿੰਗ ਲੱਗੇ ਨਾ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ: ਜਦ ਇਹ ਕਹਿਣਾ ਹੋਵੇ ਕਿ ਕੋਈ ਕੰਮ ਮੁਫ਼ਤੋ-ਮੁਫ਼ਤੀ ਹੋ ਜਾਏਗਾ ।
22.ਹਿਲੇ ਨੂੰ ਹਿਲਾਈਏ ਨਾ, ਹਿਲੇ ਦਾ ਭਾਅ ਗਵਾਈਏ ਨਾ: ਕਿਸੇ ਨੂੰ ਸਿਰ ਨਹੀਂ ਚਾੜ੍ਹਨਾ ਚਾਹੀਦਾ, ਪਰ ਜੇ ਗਿੱਝ ਜਾਵੇ ਤਾਂ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ।
23.ਹੀਲੇ ਰਿਜਕ, ਬਹਾਨੇ ਮੌਤ: ਹੱਥ ਪੈਰ ਹਿਲਾਇਆਂ ਬਿਨਾਂ ਕੁਝ ਨਹੀਂ ਬਣਦਾ।
24.ਹੋਇਆ ਤਾਂ ਈਦ ਨਹੀਂ ਤਾਂ ਰੋਜ਼ਾ: ਜਿਹੜੇ ਮਨੁੱਖ ਪੈਸਾ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ ਮੁਕਣ ਮਗਰੋਂ ਭੁੱਖਾ ਕਟਦੇ ਹਨ, ਉਨ੍ਹਾਂ ਲਈ ਵਰਤਿਆ ਜਾਂਦਾ ਹੈ।
25.ਹੋਰੀ ਨੂੰ ਹੋਰੀ ਦੀ, ਅੰਨ੍ਹੇਂ ਨੂੰ ਡੰਗੋਰੀ ਦੀ: ਜਿਸ ਸ਼ੈ ਦੀ ਕਿਸੇ ਨੂੰ ਲੋੜ ਹੁੰਦੀ ਹੈ, ਉਹਨੂੰ ਉਸੇ ਦਾ ਹੀ ਖਿਆਲ ਫਿਕਰ ਰਹਿੰਦਾ ਹੈ।

Read More : Punjabi Proverbs | ਪੰਜਾਬੀ ਅਖਾਣ – ਕ ਤੋਂ ਢ

Punjabi Proverbs | ਪੰਜਾਬੀ ਅਖਾਣ – ੳ ਤੋਂ ਹ via @rupimavi
19 Shares
2.9K views
Share via
Copy link
Powered by Social Snap